ਘਰੇਲੂ ਬਦਸਲੂਕੀ ਦੇ ਚਿੰਨ੍ਹ ਲੱਭਣੇ

ਘਰੇਲੂ ਬਦਸਲੂਕੀ ਦਾ ਪਤਾ ਲਗਾਉਣਾ ਅਤੇ ਜਦੋਂ ਇਹ ਵਾਪਰ ਰਹੀ ਹੋਵੇ ਤਾਂ ਇਸ ਨੂੰ ਵੇਖਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਸੰਕੇਤਾਂ ਨੂੰ ਪਛਾਣਨਾ ਮਹੱਤਵਪੂਰਨ ਹੈ, ਭਾਵੇਂ ਬਦਸਲੂਕੀ ਕਿਸੇ ਸਾਥੀ, ਕਿਸੇ ਸਾਬਕਾ ਸਾਥੀ ਜਾਂ ਪਰਿਵਾਰ ਦੁਆਰਾ ਕੀਤੀ ਜਾ ਰਹੀ ਹੈ।

ਜੇ ਤੁਸੀਂ ਕਿਸੇ ਬਾਰੇ ਚਿੰਤਤ ਹੋ ਤਾਂ ਇਨ੍ਹਾਂ ਲੱਛਣਾਂ ਨੂੰ ਵੇਖੋ:

ਸ਼ਮੂਲੀਅਤ ਵਿੱਚ ਗਿਰਾਵਟ

ਉਹ ਦੋਸਤਾਂ ਅਤੇ ਪਰਿਵਾਰ ਨੂੰ ਓਨਾ ਨਹੀਂ ਮਿਲਦੇ ਹਨ ਜਾਂ ਉਹਨਾਂ ਨਾਲ ਓਨੀਆਂ ਗੱਲਾਂ ਨਹੀਂ ਕਰਦੇ ਹਨ ਜਿੰਨਾ ਉਹ ਆਮ ਤੌਰ ‘ਤੇ ਕਰਦੇ ਹਨ।
 

ਵੱਖਰਾ ਪਹਿਰਾਵਾ

ਉਹਨਾਂ ਨੇ ਅਚਾਨਕ ਵੱਖਰਾ ਪਹਿਰਾਵਾ ਪਹਿਨਣਾ ਸ਼ੁਰੂ ਕਰ ਦਿੱਤਾ ਹੈ।
 

ਝਰੀਟਾਂ ਜਾਂ ਸੱਟ ਲੱਗਣ ਦੇ ਸੰਕੇਤ

ਉਹਨਾਂ ‘ਤੇ ਝਰੀਟਾਂ ਜਾਂ ਸੱਟ ਲੱਗਣ ਦੇ ਨਿਸ਼ਾਨ ਹਨ ਜੋ ਉਸ ਨਾਲ ਮਿਲਦੇ ਨਹੀਂ ਜਾਪਦੇ ਹਨ ਜੋ ਉਹ ਕਹਿੰਦੇ ਹਨ ਉਹਨਾਂ ਨਾਲ ਹੋਇਆ ਸੀ।
 

ਕੰਮ ‘ਤੇ ਵਿਵਹਾਰ ਵਿੱਚ ਤਬਦੀਲੀਆਂ

ਉਹ ਕੰਮ ਦੇ ਸਥਾਨ ‘ਤੇ ਕਿਵੇਂ ਹੁੰਦੇ ਹਨ ਇਸ ਵਿੱਚ ਕੁਝ ਅਚਾਨਕ ਤਬਦੀਲੀਆਂ ਆਈਆਂ ਹਨ – ਉਦਾਹਰਨ ਲਈ, ਉਹ ਟੀਮ ਨਾਲ ਮਿਲਣਾ-ਜੁਲਣਾ ਰੋਕ ਸਕਦੇ ਹਨ ਜਾਂ ਸ਼ੁਰੂ ਕਰ ਸਕਦੇ ਹਨ, ਜਾਂ ਉਹ ਤਰੱਕੀ ਵੱਲ ਜਾਣ ਤੋਂ ਪਰਹੇਜ਼ ਕਰਦੇ ਹਨ।
 

ਕੰਮ ‘ਤੇ ਅਕਸਰ ਉਹਨਾਂ ਨੂੰ ਕਾਲਾਂ ਆਉਂਦੀਆਂ ਹਨ ਜਾਂ ਮੁਲਾਕਾਤ ਲਈ ਕੋਈ ਆਉਂਦਾ ਹੈ

ਕੋਈ ਉਹਨਾਂ ਨੂੰ ਕੰਮ ‘ਤੇ ਬਹੁਤ ਕਾਲ ਕਰਦਾ ਹੈ ਜਾਂ ਦਫਤਰ ਆਉਂਦਾ ਹੈ।
 

ਸੋਸ਼ਲ ਮੀਡੀਆ ਵਿੱਚ ਤਬਦੀਲੀਆਂ

ਉਹਨਾਂ ਦੀ ਸੋਸ਼ਲ ਮੀਡੀਆ ਦੀ ਵਰਤੋਂ ਬਦਲ ਗਈ ਹੈ – ਉਦਾਹਰਨ ਲਈ, ਉਹ ਇੰਸਟਾਗ੍ਰਾਮ ‘ਤੇ ਪਹਿਲਾਂ ਨਾਲੋਂ ਘੱਟ ਪੋਸਟ ਕਰ ਰਹੇ ਹਨ, ਜਾਂ ਫੇਸਬੁੱਕ ‘ਤੇ ਸਿਰਫ ਖਾਸ ਚੀਜ਼ਾਂ ਬਾਰੇ ਗੱਲ ਕਰਦੇ ਹਨ।
 

ਕਿਸੇ ਨੂੰ ਲਗਾਤਾਰ ਹਾਲ ਦੱਸਦੇ ਰਹਿਣਾ

ਕਿਸੇ ਨੂੰ ਲਗਾਤਾਰ ਇਹ ਦੱਸਣਾ ਕਿ ਉਹ ਕਿੱਥੇ ਹਨ ਜਾਂ ਉਹ ਕੀ ਕਰ ਰਹੇ ਹਨ – ਉਦਾਹਰਨ ਲਈ, ਉਹ ਬਹੁਤ ਜ਼ਿਆਦਾ ਆਪਣੇ ਫੋਨ ‘ਤੇ ਰਹਿੰਦੇ ਹਨ, ਅਤੇ ਬਦਸਲੂਕੀ ਕਰਨ ਵਾਲੇ ਨੂੰ ਸੁਨੇਹੇ ਭੇਜ ਕੇ ਜਾਂ ਕਾਲ ਕਰਕੇ ਤਾਜ਼ਾ ਜਾਣਕਾਰੀ ਦਿੰਦੇ ਹਨ।
 

ਉਹਨਾਂ ਦਾ ਆਤਮ-ਵਿਸ਼ਵਾਸ ਚਲਾ ਗਿਆ ਹੈ

ਉਹਨਾਂ ਨੇ ਆਪਣੇ ‘ਤੇ ਭਰੋਸਾ ਗੁਆ ਲਿਆ ਹੈ ਅਤੇ ਅਸਾਨੀ ਨਾਲ ਫੈਸਲੇ ਨਹੀਂ ਲੈ ਸਕਦੇ – ਉਦਾਹਰਨ ਲਈ, ਉਹ ਆਪਣੇ ਬਦਸਲੂਕੀ ਕਰਨ ਵਾਲੇ ਤੋਂ ਪੁੱਛ ਸਕਦੇ ਹਨ ਕਿ ਕੀ ਉਹਨਾਂ ਨੂੰ ਕੁਝ ਕਰਨ ਦੀ ਆਗਿਆ ਹੈ।
 

ਉਹਨਾਂ ਦਾ ਸਾਥੀ ਉਹਨਾਂ ਲਈ ਬੋਲਦਾ ਹੈ

ਉਹਨਾਂ ਦਾ ਸਾਥੀ ਜਾਂ ਕੋਈ ਉਹਨਾਂ ਨੂੰ ਖੁੱਲ੍ਹ ਕੇ ਗੱਲ ਕਰਨ ਜਾਂ ਜਵਾਬ ਦੇਣ ਤੋਂ ਰੋਕਦਾ ਹੈ।
 

ਕੁਝ ਕਰਨਾ ਬੰਦ ਕਰ ਦਿੱਤਾ ਜੋ ਉਹਨਾਂ ਨੂੰ ਪਸੰਦ ਹੈ

ਉਹਨਾਂ ਨੇ ਕੁਝ ਅਜਿਹਾ ਕਰਨਾ ਬੰਦ ਕਰ ਦਿੱਤਾ ਹੈ ਜੋ ਉਹਨਾਂ ਨੂੰ ਪਸੰਦ ਹੈ, ਜਿਵੇਂ ਕਿ ਕਸਰਤ ਕਰਨਾ ਜਾਂ ਸਿਨੇਮਾ ਜਾਣਾ।
 

ਉਹ ਬਹਾਨੇ ਬਣਾਉਂਦੇ ਹਨ

ਤੁਸੀਂ ਦੇਖਿਆ ਹੈ ਕਿ ਉਹ ਚੀਜ਼ਾਂ ਦਾ ਭੁਗਤਾਨ ਨਾ ਕਰਨ ਦਾ ਬਹਾਨਾ ਬਣਾਉਂਦੇ ਹਨ ਜਾਂ ਪੈਸੇ ਨਾ ਹੋਣ ਕਰਕੇ ਤੁਹਾਡੇ ਨਾਲ ਬਾਹਰ ਨਹੀਂ ਜਾਂਦੇ ਹਨ।
 

ਤੁਸੀਂ ਉਹਨਾਂ ਦੇ ਬਦਸਲੂਕੀ ਕਰਨ ਵਾਲੇ ਦੇ ਮੂਡ ਨੂੰ ਬਦਲਦੇ ਦੇਖਦੇ ਹੋ

ਤੁਸੀਂ ਉਹਨਾਂ ਦੇ ਬਦਸਲੂਕੀ ਕਰਨ ਵਾਲੇ ਦੇ ਮਿਜ਼ਾਜ ਵਿੱਚ ਅਚਾਨਕ ਅਤੇ ਬਿਨਾਂ ਕਿਸੇ ਕਾਰਨ ਦੇ ਤਬਦੀਲੀ ਦੇਖਦੇ ਜਾਂ ਸੁਣਦੇ ਹੋ।
 

ਤੁਸੀਂ ਚੀਕਣਾ ਜਾਂ ਉੱਚੇ ਸ਼ੋਰ ਸੁਣਦੇ ਹੋ

ਤੁਸੀਂ ਉਹਨਾਂ ਦੇ ਘਰੋਂ ਚੀਕਣਾ ਜਾਂ ਉੱਚੇ ਸ਼ੋਰ ਸੁਣਦੇ ਹੋ।
 

ਕੀ ਇਹਨਾਂ ਵਿੱਚੋਂ ਕੋਈ ਵੀ ਚਿੰਨ੍ਹ ਤੁਹਾਨੂੰ ਜਾਣਿਆ ਪਛਾਣਿਆ ਲੱਗਦਾ ਹੈ?

ਹੋ ਸਕਦਾ ਹੈ ਕਿ ਜਿਸ ਵਿਅਕਤੀ ਲਈ ਤੁਸੀਂ ਚਿੰਤਤ ਹੋ ਉਹ ਘਰੇਲੂ ਬਦਸਲੂਕੀ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿਅਕਤੀ ਦਾ ਸਮਰਥਨ ਕਰਨਾ ਉਹਨਾਂ ਨੂੰ ਬਦਸਲੂਕੀ ਵਾਲੀ ਸਥਿਤੀ ਤੋਂ ਬਾਹਰ ਕੱਢਣ ਦਾ ਪਹਿਲਾ ਕਦਮ ਹੈ।

ਜੇ ਤੁਸੀਂ ਹਾਲੇ ਵੀ ਯਕੀਨੀ ਨਹੀਂ ਹੋ, ਅਤੇ ਤੁਹਾਨੂੰ ਬਦਸਲੂਕੀ ਨੂੰ ਪਛਾਣਨ ਦੇ ਤਰੀਕੇ ਬਾਰੇ ਹੋਰ ਸਲਾਹ ਦੀ ਲੋੜ ਹੈ, ਤਾਂ ਰਾਸ਼ਟਰੀ ਘਰੇਲੂ ਬਦਸਲੂਕੀ ਹੈਲਪਲਾਈਨ ਨੂੰ 0808 2000 247 ‘ਤੇ ਕਾਲ ਕਰੋ।

ਕਿਸੇ ਸੰਕਟਕਾਲ ਵਿੱਚ…

ਜੇ ਤੁਸੀਂ ਕੋਈ ਹਮਲਾ ਸੁਣਦੇ ਜਾਂ ਦੇਖਦੇ ਹੋ, ਜਾਂ ਸੋਚਦੇ ਹੋ ਕਿ ਕੋਈ ਐਮਰਜੈਂਸੀ ਸਥਿਤੀ ਵਿੱਚ ਹੈ, ਤਾਂ 999 ‘ਤੇ ਕਾਲ ਕਰੋ ਅਤੇ ਇਸ ਬਾਰੇ ਪੁਲਿਸ ਨੂੰ ਦੱਸੋ।

ਕਿਸੇ ਸੰਕਟਕਾਲ ਵਿੱਚ…

ਜੇ ਤੁਸੀਂ ਕੋਈ ਹਮਲਾ ਸੁਣਦੇ ਜਾਂ ਦੇਖਦੇ ਹੋ, ਜਾਂ ਸੋਚਦੇ ਹੋ ਕਿ ਕੋਈ ਐਮਰਜੈਂਸੀ ਸਥਿਤੀ ਹੈ, ਤਾਂ 999 ‘ਤੇ ਕਾਲ ਕਰੋ ਅਤੇ ਇਸ ਬਾਰੇ ਪੁਲਿਸ ਨੂੰ ਦੱਸੋ

 

 

ਘਰੇਲੂ ਬਦਸਲੂਕੀ ਵਿੱਚ ਕਿਸੇ ਦੀ ਸਹਾਇਤਾ ਕਰਨੀ

ਇਹ ਜਾਣਨਾ ਮੁਸ਼ਕਲ ਹੁੰਦਾ ਹੈ ਕਿ ਘਰੇਲੂ ਬਦਸਲੂਕੀ ਦਾ ਅਨੁਭਵ ਕਰ ਰਹੇ ਕਿਸੇ ਵਿਅਕਤੀ ਦੀ ਸਹਾਇਤਾ ਕਰਨ ਲਈ ਕੀ ਕਰਨਾ ਜਾਂ ਕਹਿਣਾ ਹੈ। ਤੁਹਾਡੀਆਂ ਪਹਿਲੀਆਂ ਪ੍ਰਤਿਕਿਰਿਆਵਾਂ ਉਹਨਾਂ ਨੂੰ ਸਥਿਤੀ ਤੋਂ ਬਚਾਉਣ ਅਤੇ ਉਹਨਾਂ ਨੂੰ ਬਾਹਰ ਕੱਢਣਾ ਹੋ ਸਕਦੀਆਂ ਹਨ। ਪਰ ਸਿੱਧੀ ਕਾਰਵਾਈ ਕਰਨਾ ਵਿਅਕਤੀ ਅਤੇ ਤੁਹਾਡੇ, ਦੋਵਾਂ ਲਈ ਖ਼ਤਰਨਾਕ ਹੋ ਸਕਦਾ ਹੈ। ਫਿਰ ਵੀ, ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਮਦਦ ਕਰ ਸਕਦੇ ਹੋ।

ਕਿਸੇ ਨੂੰ ਇਹ ਸਵੀਕਾਰ ਕਰਨ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ ਕਿ ਉਹ ਕਿਸੇ ਬਦਸਲੂਕੀ ਵਾਲੀ ਸਥਿਤੀ ਵਿੱਚ ਹਨ। ਉਹਨਾਂ ਨੂੰ ਸਮਾਂ ਦਿਓ। ਜਦੋਂ ਉਹ ਤਿਆਰ ਹੋਣਗੇ ਉਹ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਣਗੇ।

ਤੁਸੀਂ ਕੁਝ ਅਜਿਹਾ ਕਹਿ ਸਕਦੇ ਹੋ ਜਿਵੇਂ ਕਿ, “ਤੁਸੀਂ ਅੱਜਕੱਲ ਜ਼ਿਆਦਾ ਦਿਖਾਈ ਨਹੀਂ ਦਿੰਦੇ, ਕੀ ਸਭ ਕੁਝ ਠੀਕ ਹੈ?” ਜਾਂ “ਮੈਂ ਤੁਹਾਡੇ ਬਾਰੇ ਥੋੜ੍ਹਾ ਚਿੰਤਤ ਰਿਹਾ ਹਾਂ, ਕੀ ਹੋ ਰਿਹਾ ਹੈ?”

ਇਹ ਸਪੱਸ਼ਟ ਕਰੋ ਕਿ ਤੁਸੀਂ ਉਹਨਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਦੇ ਹੋ। ਕੋਸ਼ਿਸ਼ ਕਰੋ ਕਿ ਹੈਰਾਨ ਦਿਖਾਈ ਨਾ ਦਿਓ। ਤੁਸੀਂ ਕਹਿ ਸਕਦੇ ਹੋ, “ਮੈਨੂੰ ਅਫ਼ਸੋਸ ਹੈ ਜੇ ਮੈਂ ਹੈਰਾਨ ਲੱਗਦਾ/ਲੱਗਦੀ ਹਾਂ, ਮੈਨੂੰ ਪਤਾ ਨਹੀਂ ਸੀ”। ਉਹਨਾਂ ਨੂੰ ਯਾਦ ਦਿਵਾਓ ਕਿ ਉਹ ਇਕੱਲੇ ਨਹੀਂ ਹਨ ਅਤੇ ਤੁਸੀਂ ਉਹਨਾਂ ਦੀ ਮਦਦ ਕਰਨ ਲਈ ਮੌਜੂਦ ਹੋ।

ਉਹਨਾਂ ਨਾਲ ਇਕਾਂਤ ਵਿੱਚ ਗੱਲ ਕਰੋ ਅਤੇ ਸਾਫ ਕਰੋ ਕਿ ਤੁਸੀਂ ਧਾਰਨਾ ਨਹੀਂ ਬਣਾਓਗੇ। ਉਹਨਾਂ ਨੂੰ ਭਰੋਸਾ ਦਿਵਾਓ ਕਿ ਉਹ ਤੁਹਾਡੇ ਨਾਲ ਗੱਲ ਕਰ ਸਕਦੇ ਹਨ ਅਤੇ ਉਹਨਾਂ ਲਈ ਖੁੱਲ੍ਹ ਕੇ ਗੱਲ ਕਰਨਾ ਸੁਰੱਖਿਅਤ ਹੈ।

ਉਹਨਾਂ ਨੂੰ ਮਾਹਰ ਸਹਾਇਤਾ ਸੇਵਾਵਾਂ ਨਾਲ ਗੱਲ ਕਰਨ ਲਈ ਉਤਸ਼ਾਹਿਤ ਕਰੋ। ਤੁਸੀਂ Bright Sky ਦੀ ਡਾਇਰੈਕਟਰੀ ਦੀ ਵਰਤੋਂ ਕਰਦਿਆਂ ਸਥਾਨਕ ਘਰੇਲੂ ਬਦਸਲੂਕੀ ਦੇ ਸਮਰਥਨ ਦਾ ਸੁਝਾਅ ਦੇ ਸਕਦੇ ਹੋ।

ਕਿਸੇ ਹੋਰ ਦੀ ਦੇਖਭਾਲ ਕਰਨਾ ਅਤੇ ਧਿਆਨ ਰੱਖਣਾ ਥਕਾਵਟ ਭਰਿਆ ਹੋ ਸਕਦਾ ਹੈ। ਇਹ ਪੱਕਾ ਕਰੋ ਕਿ ਤੁਸੀਂ ਵੀ ਆਪਣੇ ਲਈ ਸਮਾਂ ਕੱਢਦੇ ਹੋ, ਅਤੇ ਉਹ ਕੰਮ ਕਰੋ ਜੋ ਤੁਹਾਨੂੰ ਆਰਾਮ ਪਹੁੰਚਾਉਣ ਵਿੱਚ ਸਹਾਇਤਾ ਕਰਦੇ ਹਨ।